ਵਿਦਿਆਰਥੀਆਂ ਅਤੇ ਖੇਡਾਂ ਬਾਰੇ ਲੇਖ
Answers
ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਤੇ ਖੇਡ ਸਰਗਰਮੀਆਂ ਦਾ ਆਪਣਾ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।
ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ। ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਤੇ ਨਸ਼ੇ ਆਦਿ ਕੁਰੀਤੀਆਂ 'ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ। ਉਨ੍ਹਾਂ ਦੀ ਊਰਜਾ ਤੇ ਸਮੇਂ ਨੂੰ ਸਹੀ ਵਰਤੋਂ ਵਿਚ ਲਗਾਉਣ ਲਈ ਖੇਡਾਂ ਪ੍ਰਭਾਵਸ਼ਾਲੀ ਜ਼ਰੀਆ ਹੋ ਸਕਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ।ਅਜੋਕੇ ਸਮੇਂ ਖਿਡਾਰੀਆਂ ਦੇ ਕਰੀਅਰ ਲਈ ਨਵੇਂ ਮੌਕੇ ਮਿਲ ਰਹੇ ਹਨ। ਅੱਜ-ਕੱਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀਆਂ ਵੱਲੋਂ ਸਪਾਂਸਰ ਖੇਡ ਲੀਗ ਵਿਚ ਚੰਗੀ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਨਾਲ ਖਿਡਾਰੀ ਆਪਣੇ ਖੇਡ ਜੀਵਨ ਮਗਰੋਂ ਵੀ ਸਨਮਾਨਜਨਕ ਜ਼ਿੰਦਗੀ ਜਿਊਂਣ 'ਚ ਕਾਮਯਾਬ ਰਹਿੰਦਾ ਹੈ। ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਵੇਂ 'ਖੇਲੋ ਇੰਡੀਆ' ਆਦਿ। ਇਨ੍ਹਾਂ ਸਕੀਮ 'ਚ ਹੋਰ ਸੁਧਾਰ ਕਰ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ 'ਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਇਸ ਲਈ ਵਿਦਿਆਰਥੀ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰ ਤੇ ਖੇਡ ਸਰਗਰਮੀਆਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।