ਕਹਾਣੀ-ਆਜੜੀ ਅਤੇ ਬਘਿਆੜ
Answers
⭐ਆਜੜੀ ਅਤੇ ਬਘਿਆੜ⭐
ਇੱਕ ਆਜੜੀ ਸੀ। ਉਹ ਰੋਜ਼ ਜੰਗਲ ਵਿੱਚ ਭੇਡਾਂ ਚਾਰਨ ਜਾਂਦਾ ਸੀ। ਇੱਕ ਦਿਨ ਉਸਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ। ਉਹ ਇੱਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ,ਬਘਿਆੜ ਆਇਆ ਬਘਿਆੜ ਆਇਆ! ਮੈਨੂੰ ਬਚਾਓ! ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ ਤੇ ਆਪਣੇ ਕੰਮ-ਕਾਰ ਛੱਡ ਕੇ ਡਾਂਗਾਂ ਤੇ ਬਰਛੇ ਚੁੱਕ ਕੇ ਉਸਦੀ ਮਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਹੱਸਣ ਲੱਗ ਪਿਆ। ਲੋਕਾਂ ਨੇ ਪੁੱਛਿਆ, “ਬਘਿਆੜ ਕਿੱਥੇ ਹੈ? ਉਸਨੇ ਹੱਸ ਕੇ ਕਿਹਾ ਕਿ ਉਸਨੇ ਮਖੌਲ ਕੀਤਾ ਸੀ, ਇੱਥੇ ਕੋਈ ਬਘਿਆੜ ਨਹੀਂ ਆਇਆ। ਲੋਕਾਂ ਨੂੰ ਉਸਦੀ ਗੱਲ ਤੇ ਬੜਾ ਗੁੱਸਾ ਆਇਆ। ਉਹ ਗੁੱਸੇ ਨਾਲ ਭਰੇ-ਪੀਤੇ ਵਾਪਸ ਮੁੜ ਗਏ। ਅਜਿਹਾ ਉਸਨੇ ਕਈ ਵਾਰ ਕੀਤਾ। ਲੋਕ ਉਸਦੇ ਝੂਠ ਤੋਂ ਦੁਖੀ ਹੋ ਗਏ। ਇੱਕ ਦਿਨ ਜਦੋਂ ਆਜੜੀ ਭੇਡਾਂ ਚਾਰ ਰਿਹਾ ਸੀ ਤਾਂ ਸੱਚਮੁੱਚ ਹੀ ਬਘਿਆੜ ਆ ਗਿਆ। ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ। ਮੁੰਡੇ ਨੇ ਬਹੁਤ ਰੌਲਾ ਪਾਇਆ। ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸਦੀ ਮਦਦ ਲਈ ਨਹੀਂ ਆਇਆ। ਅੰਤ ਬਘਿਆੜ ਨੇ ਮੁੰਡੇ ਉੱਤੇ ਹਮਲਾ ਕਰ ਦਿੱਤਾ ਤੇ ਉਸਨੂੰ ਵੀ ਮਾਰ ਸੁੱਟਿਆ। ਇਸ ਤਰ੍ਹਾਂ ਵਾਰ-ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ।
ਸਿੱਖਿਆ:- ਝੂਠੇ ਤੇ ਕੋਈ ਇਤਬਾਰ ਨਹੀਂ ਕਰਦਾ।