ਤੁਹਾਡੇ ਮੁਹੱਲੇ ਦਾ ਡਾਕੀਆਂ ਚਿੱਠੀਆਂ ਵੰਡਣ ਵਿੱਚ ਅਣਗਹਿਲੀ ਵਰਤਦਾ ਹੈ। ਉਸ ਦੀ ਸ਼ਿਕਾਇਤ ਕਰੋ।
Answers
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਮੁੱਖ ਡਾਕਘਰ,
ਲੁਧਿਆਣਾ।
ਵਿਸ਼ਾ-ਡਾਕੀਏ ਦੀ ਸ਼ਿਕਾਇਤ
ਸ੍ਰੀਮਾਨ ਜੀਓ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਨੂੰ ਇਹ ਗੱਲ ਬੜੇ ਦੁੱਖ ਨਾਲ ਲਿਖ ਰਿਹਾ ਹਾਂ ਕਿ ਮੁਹੱਲਾ ਰਾਜ ਨਗਰ ਦਾ ਡਾਕੀਆ ਸ੍ਰੀ ਰਾਮ ਲਾਲ ਠੀਕ ਢੰਗ ਨਾਲ ਡਾਕ ਵੰਡ ਕੇ ਨਹੀਂ ਜਾਂਦਾ। ਉਹ ਡਾਕ ਵੰਡਣ ਵਿਚ ਬਹੁਤ ਹੀ ਅਣਗਹਿਲੀ ਵਰਤਦਾ ਹੈ।
ਪਹਿਲੀ ਗੱਲ ਇਹ ਹੈ ਕਿ ਉਸਦਾ ਡਾਕ ਵੰਡਣ ਦਾ ਸਮਾਂ ਕੋਈ ਨਿਸ਼ਚਿਤ ਹੀ ਨਹੀਂ । ਡਾਕ ਵੰਡਣ ਆਉਂਦਾ ਹੀ ਨਹੀਂ ਹੈ। ਕਦੀ ਦੋ ਵਜੇ ਅਤੇ ਕਦੀ ਤਿੰਨ ਵਜੇ ਤੋਂ ਬਾਅਦ ਇੱਧਰ ਚੱਕਰ ਮਾਰਦਾ ਹੈ। ਕਈ ਵਾਰ ਉਹ ਡਾਕ ਵੰਡਣ ਆਉਂਦਾ ਹੀ ਨਹੀਂ ਹੈ।
ਦੂਜਾ ਇਕ ਘਰ ਦੀ ਡਾਕ ਦੂਜੇ ਘਰ ਵਿਚ ਹੀ ਸੁੱਟ ਜਾਂਦਾ ਹੈ ਜਾਂ ਫਿਰ ਗਲੀ ਵਿਚ ਖੇਡਦੇ ਬੱਚਿਆਂ ਨੂੰ ਹੀ ਫੜਾ ਜਾਂਦਾ ਹੈ। ਇਸ ਤਰ੍ਹਾਂ ਕਈ ਵਾਰ ਜ਼ਰੂਰੀ ਚਿੱਠੀਆਂ ਗੁੰਮ ਹੋ ਜਾਂਦੀਆਂ ਹਨ। ਘਰਾਂ ਅੱਗੇ ਲੈਟਰ-ਬਕਸਾਂ ਵਿਚ ਚਿੱਠੀ ਪਾਉਣ ਦੀ ਥਾਂ ਦਰਵਾਜ਼ੇ ਅੱਗੇ ਹੀ ਸੁੱਟ ਕੇ ਚਲਾ ਜਾਂਦਾ ਹੈ। ਇਸ ਤਰ੍ਹਾਂ ਚਿੱਠੀਆਂ ਇੱਧਰ-ਉੱਧਰ ਹੋ ਜਾਂਦੀਆਂ ਹਨ, ਜਿਸ ਕਾਰਨ ਸਾਨੂੰ ਮਾਨਸਿਕ ਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਤੀਜਾ ਉਸ ਦਾ ਬੋਲਚਾਲ ਦਾ ਤਰੀਕਾ ਵੀ ਰੁੱਖਾ ਹੈ। ਮੈਂ ਕਈ ਵਾਰ ਉਸ ਨੂੰ ਠੀਕ ਤਰ੍ਹਾਂ ਡਾਕ ਵੰਡਣ ਬਾਰੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੇ ਕੰਨ ਤੇ ਜੂੰ ਨਹੀਂ ਸਰਕਦੀ। ਹਰ ਗੱਲ ਨੂੰ ਆਈ-ਗਈ ਕਰ ਛੱਡਦਾ ਹੈ।
ਇਸ ਤਰ੍ਹਾਂ ਡਾਕੀਏ ਦੀ ਲਾਪ੍ਰਵਾਹੀ ਕਾਰਨ ਕਈ ਵਾਰ ਜ਼ਰੂਰੀ ਕੰਮਾਂ-ਕਾਜ਼ਾਂ ਤੋਂ ਵੀ ਰਹਿ ਜਾਈਦਾ ਹੈ। ਮੇਰੀ ਡਾਕੀਏ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਹੈ। ਮੈਂ ਤਾਂ ਇਹ ਬੇਨਤੀ ਪੱਤਰ ਆਪ ਨੂੰ ਇਕ ਸ਼ਿਕਾਇਤੀ-ਪੱਤਰ ਦੇ ਰੂਪ ਵਿਚ ਸਾਰੇ ਮੁਹੱਲੇ ਨਿਵਾਸੀਆਂ ਦੀ ਭਲਾਈ ਹਿੱਤ ਲਿਖ ਰਿਹਾ ਹਾਂ।
ਇਸ ਲਈ ਆਪ ਅੱਗੇ ਇਹੋ ਬੇਨਤੀ ਹੈ ਕਿ ਆਪ ਸਾਡੇ ਮੁਹੱਲੇ ਦੇ ਡਾਕੀਏ ਨੂੰ ਆਪਣੇ ਫਰਜ਼ਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਚੁਕੰਨਾ ਕਰਨ ਦੀ ਕ੍ਰਿਪਾਲਤਾ ਕਰੋਗੇ। ਕਸ਼ਟ ਲਈ ਬਹੁਤ-ਬਹੁਤ ਧੰਨਵਾਦ।
ਆਪ ਦਾ ਹਿਤੂ,
ਗੁਰਨਾਮ ਸਿੰਘ
ਪਤਾ
ਮੁਹੱਲਾ ਹਰੀ ਨਿਵਾਸ,
ਲੁਧਿਆਣਾ।