ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਅਧਾਕਰਤ ਮਾਈਡ ਮੈਪ ਤਿਆਰ ਕਰੋ
Answers
ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਂਵੇ ਗੁਰੂ ਸਨ। ਉਹਨਾਂ ਦਾ ਜਨਮ 1 ਅਪਰੈਲ 1621 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਸੀ। ਉਹਨਾਂ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। ਬਚਪਨ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨੇ ਤਲਵਾਰ ਚਲਾਉਣ ਦੀ ਮੁਹਾਰਤ ਹਾਸਿਲ ਕਰ ਲਈ ਸੀ ਇੱਕ ਵਾਰ ਬਚਪਨ ਵਿੱਚ ਗੁਰੂ ਜੀ ਦੁਆਰਾ ਤਲਵਾਰ ਦੇ ਜੌਹਰ ਵਿਖਾਏ ਜਾਣ ਕਾਰਨ, ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਕੇ ਤੇਗ ਬਹਾਦਰ ਰੱਖ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਉਹਨਾਂ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ । ਦਸਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਪੁੱਤਰ ਸਨ। ਉਹ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਬਾਬਾ ਬਕਾਲਾ ਵਿਖੇ ਰਹਿੰਦਿਆਂ ਹੀ ਉਹਨਾਂ ਨੇ 1664 ਈ: ਵਿੱਚ ਗੁਰਗੱਦੀ ਸੰਭਾਲੀ ।
ਉਹਨਾਂ ਨੇ ਦੂਰ ਦੁਰਾਡੇ ਇਲਾਕੇ ਵਿੱਚ ਯਾਤਰਾਵਾਂ ਕੀਤੀਆਂ ਅਤੇ ਧਰਮ ਦਾ ਪ੍ਰਚਾਰ ਕੀਤਾ। ਉਹਨਾਂ ਨੇ ਪਹਾੜੀ ਰਾਜਿਆਂ ਤੋਂ ਜਗ੍ਹਾ ਖਰੀਦਕੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਨਾਲ ਸਿੱੱਖੀ ਦਾ ਪ੍ਸਿੱਧ ਕੇਂਦਰ ਬਣਿਆ।
ਬਾਬਾ ਬਕਾਲਾ ਵਿਖੇ ਗੁਰੂ ਜੀ ਨੇ ਵੀਹ ਸਾਲ ਭਗਤੀ ਕੀਤੀ ਜਦੋਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਆਪਣੇ ਆਖਰੀ ਸਮੇਂ ਵਿੱਚ ਸਨ ਤਾਂ ਉਹ ਜਾਂਦੇ ਜਾਂਦੇ ਕਹਿ ਗਏ ਕਿ ਨੌਵੇਂ ਗੁਰੂ ਬਾਬਾ ਬਕਾਲਾ ਵਿਖੇ ਮਿਲਣਗੇ। ਇਹ ਸੁਣਕੇ ਪਾਖੰਡੀ ਲੋਕਾਂ ਨੇ ਖੁਦ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਲੁਬਾਣਾ ਜੋ ਕਿ ਬਹੁਤ ਵੱਡਾ ਵਪਾਰੀ ਸੀ। ਉਸਨੇ ਇੱਕ ਸੁਖਨਾ ਸੁਖੀ ਸੀ ਕਿ ਉਹ ਗੁਰੂ ਜੀ ਨੂੰ ਪੰਜ ਸੌ ਮੋਹਰਾਂ ਭੇਟ ਕਰੇਗਾ। ਉਸਨੇ ਬਾਬਾ ਬਕਾਲਾ ਵਿਖੇ ਆਕੇ ਗੁਰੂ ਜੀ ਦੀ ਭਾਲ ਕਰਨ ਲਈ ਜਿੰਨੇ ਵੀ ਪਾਖੰਡੀ ਲੋਕ ਬੈਠੇ ਸੀ ਹਰ ਇੱਕ ਅੱਗੇ ਕੇਵਲ ਪੰਜ ਮੋਹਰਾਂ ਭੇਟ ਕੀਤੀਆਂ ਹਰ ਇੱਕ ਨੇ ਬਿਨਾਂ ਕੁਝ ਕਹੇ ਪੰਜ ਮੋਹਰਾਂ ਹੀ ਸਵੀਕਾਰ ਕਰ ਲਈਆਂ, ਪਰ ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਅੱਗੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਜੀ ਨੇ ਕਿਹਾ ਕੀ ਗੱਲ ਮੱਖਣ ਸ਼ਾਹ ਤੁਸੀਂ ਤਾਂ ਪੰਜ ਸੌ ਮੋਹਰਾਂ ਦੀ ਸੁਖਨਾ ਸੁਖੀ ਸੀ। ਇਹ ਦੇਖਕੇ ਮੱਖਣ ਸ਼ਾਹ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ " ਗੁਰੂ ਲਾਧੋ ਰੇ, ਗੁਰੂ ਲਾਧੋ ਰੇ " । ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੌਂਵੇ ਗੁਰੂ ਬਣੇ।
ਅੌਰੰਗਜ਼ੇਬ ਦੇ ਜੁਲਮਾਂ ਦਾ ਸ਼ਿਕਾਰ ਹੋਏ ਪੰਡਤ ਗੁਰੂ ਜੀ ਕੋਲ ਫਰਿਆਦ ਲੈਕੇ ਆਏ ਸਨ। ਇਸ ਤਰ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ 11 ਨਵੰਬਰ 1675 ਈ: ਨੂੰ ਕੁਰਬਾਨੀ ਦਿੱਤੀ । ਪਰ ਬਾਦਸ਼ਾਹ ਅੌਰੰਗਜ਼ੇਬ ਦੀ ਈਨ ਨਹੀਂ ਮੰਨੀ। ਹੁਣ ਉਸ ਜਗ੍ਹਾ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਮਾਨਵਤਾ ਦੀ ਭਲਾਈ ਲਈ ਦਿੱਤੀ ਕੁਰਬਾਨੀ ਲਈ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।