ਮੌਨਧਾਰੀ ਇਕਾਂਗੀ ਵ ਿੱਚ ਰਾਮ ਪਆਰੀ ਦਾ ਪਾਤਰ ਵਚਤਰਨ ਕਰੋ|
Answers
Answer:
Explanation:
ਜਾਣ – ਪਛਾਣ : ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਰਾਮ ਪਿਆਰੀ ਇੱਕ ਮੁੱਖ ਪਾਤਰ ਹੈ। ਉਹ ਇੱਕ ਅਧਖੜ ਉਮਰ ਦੀ ਤੀਵੀਂ ਹੈ।
ਉਹ ਹਰੀ ਚੰਦ ਦੀ ਪਤਨੀ ਅਤੇ ਕਿਸ਼ੋਰ ਚੰਦ ਦੀ ਮਾਂ ਹੈ। ਰਾਮ ਪਿਆਰੀ ਦੇ ਸੁਭਾਅ ਦੀਆਂ ਕੁਝ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-
ਭੋਲੀ – ਭਾਲੀ ਔਰਤ : ਰਾਮ ਪਿਆਰੀ ਇੱਕ ਭੋਲੀ – ਭਾਲੀ ਔਰਤ ਹੈ। ਉਹ ਬਹੁਤ ਹੀ ਜਲਦੀ ਆਪਣੇ ਭਾਂਜੇ ਮਦਨ ਲਾਲ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ। ਉਹ ਇਹ ਵੀ ਨਹੀਂ ਜਾਣਦੀ ਕਿ ਇੱਕ ਭਗੌੜੇ ਆਦਮੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣੀ ਜ਼ੁਰਮ ਹੈ ਅਤੇ ਇਹ ਕੰਮ ਖ਼ਤਰੇ ਤੋਂ ਖ਼ਾਲੀ ਨਹੀਂ।
ਉਸ ਦਾ ਭਤੀਜਾ ਉਸ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਉਠਾਉਂਦਾ ਹੋਇਆ ਉਸ ਦੇ ਘਰ ਵਿੱਚ ਆਪਣੇ ਲੁੱਕਣ ਲਈ ਠਾਹਰ ਬਣਾ ਲੈਂਦਾ ਹੈ।
ਪਤੀ ਦਾ ਖ਼ਿਆਲ ਰੱਖਣ ਵਾਲੀ : ਰਾਮ ਪਿਆਰੀ ਆਪਣੇ ਪਤੀ ਹਰੀ ਚੰਦ ਦਾ ਬਹੁਤ ਖ਼ਿਆਲ ਰੱਖਦੀ ਹੈ। ਜਦੋਂ ਉਹ ਦਵਾਈ ਲੈਣ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਪਿੱਛਿਓਂ ਉਸ ਨੂੰ ਹਾਕ ਮਾਰ ਕੇ ਪੁੱਛਦੀ ਹੈ।
ਉਹ ਆਪਣੇ ਪਤੀ ਨੂੰ ਛੇਤੀ ਘਰ ਪਰਤਣ ਲਈ ਵੀ ਕਹਿੰਦੀ ਹੈ। ਉਹ ਸਾਧੂ ਪਾਸੋਂ ਵੀ ਆਪਣੇ ਪਤੀ ਦੇ ਕਮਜ਼ੋਰ ਸਰੀਰ ਬਾਰੇ ਫ਼ਿਕਰਮੰਦ ਹੋਈ ਕੁੱਝ ਕਰਨ ਲਈ ਕਹਿੰਦੀ ਹੈ।
ਸਾਧੂ – ਮਹਾਤਮਾ ਪ੍ਰਤੀ ਸ਼ਰਧਾ ਰੱਖਣ ਵਾਲੀ : ਰਾਮ ਪਿਆਰੀ ਸਾਧੂ – ਮਹਾਤਮਾ ਪ੍ਰਤੀ ਸ਼ਰਧਾ ਬਹੁਤ ਹੀ ਸ਼ਰਧਾ ਰੱਖਦੀ ਹੈ।
ਜਦੋਂ ਉਸ ਦੇ ਘਰ ਸਾਧੂ ਅਤੇ ਮੌਨਧਾਰੀ ਬਾਬਾ ਆਉਂਦੇ ਹਨ ਤਾਂ ਉਹ ਉਨ੍ਹਾਂ ਲਈ ਝੱਟਪਟ ਮੰਜਾ ਡਾਹ ਕੇ ਉਸ ਉੱਪਰ ਖੇਸ ਵਿਛਾ ਦਿੰਦੀ ਹੈ।
ਪਰ ਸਾਧੂ ਦੇ ਇਨਕਾਰ ਕਰਨ ‘ਤੇ ਕਹਿੰਦੀ ਹੈ ਕਿ ਹੁਣ ਉਹ ਭੋਜਨ ਖਾ ਕੇ ਹੀ ਜਾਣ। ਉਹ ਸਾਧੂ ਨੂੰ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਸ ਨੇ ਭਾਜੀ ਚੀਰੀ ਹੋਈ ਹੈ, ਬੱਸ ਉਹ ਅੱਖ ਦੇ ਫੇਰ ਦੇ ਵਿੱਚ ਸਬਜ਼ੀ ਬਣਾ ਦਿੰਦੀ ਹੈ।
ਸਾਧੂ ਦੇ ਮਨ੍ਹਾਂ ਕਰਨ ‘ਤੇ ਕਿ ਉਹ ਭੋਜਨ ਨਹੀਂ ਕਰਨਗੇ, ਰਾਮ ਪਿਆਰੀ ਛੇਤੀ ਨਾਲ਼ ਅੰਦਰ ਜਾ ਕੇ ਫ਼ਲ ਆਦਿ ਲਿਆ ਕੇ ਸਾਧੂ ਦੇ ਅੱਗੇ ਰੱਖ ਦਿੰਦੀ ਹੈ।
ਘਰ ਦੇ ਕਲੇਸ਼ ਤੋਂ ਦੁਖੀ : ਰਾਮ ਪਿਆਰੀ ਘਰ ਦੇ ਕਲੇਸ਼ ਤੋਂ ਵੀ ਬਹੁਤ ਦੁਖੀ ਹੈ। ਸਾਧੂ ਦੇ ਕਹਿਣ ‘ਤੇ ਕਿ ਘਰ ਵਿੱਚ ਬਹੁਤ ਕਲੇਸ਼ ਹੈ ਤਾਂ ਰਾਮ ਪਿਆਰੀ ਝੱਟਪਟ ਹੀ ਕਹਿ ਦਿੰਦੀ ਹੈ ਕਿ ਇਹ ਗੱਲ ਸੱਚ ਹੈ। ਉਹ ਆਪਣੇ ਪਤੀ ਦੀ ਬੀਮਾਰੀ ਕਰਕੇ ਵੀ ਦੁਖੀ ਹੈ।
ਸਾਧੂ ਮਹਾਤਮਾ ਦੀ ਨਿੰਦਾ ਨਾ ਸੁਣਨ ਵਾਲ਼ੀ : ਰਾਮ ਪਿਆਰੀ ਦੇ ਲਈ ਸਾਧੂ – ਮਹਾਤਮਾ ਸਤਿਕਾਰ ਦੇ ਪਾਤਰ ਹਨ। ਉਹ ਉਨ੍ਹਾਂ ਦੇ ਵਿਰੁੱਧ ਕੁਝ ਵੀ ਮਜ਼ਾਕ ਜਾਂ ਭੈੜੇ ਸ਼ਬਦ ਸੁਣਨਾ ਪਸੰਦ ਨਹੀਂ ਕਰਦੀ। ਜਦੋਂ ਹਰੀ ਚੰਦ ਮਜ਼ਾਕ ਵਿੱਚ ਸਾਧੂ ਨਾਲ਼ ਮਸ਼ਕਰੀ ਕਰਦਾ ਹੈ ਤਾਂ ਰਾਮ ਪਿਆਰੀ ਉਸ ਨੂੰ ਟੋਕਦੀ ਹੋਈ ਕਹਿੰਦੀ ਹੈ ਕਿ ਸਾਧੂਆਂ ਨਾਲ਼ ਮਸ਼ਕਰੀ ਨਹੀਂ ਕਰੀ ਦੀ।
ਜਦੋਂ ਕਿਸ਼ੋਰ ਸਾਧੂਆਂ ਨੂੰ ਬੁਰਾ ਭਲਾ ਕਹਿੰਦਾ ਹੈ ਤਾਂ ਉਸ ਵਕਤ ਵੀ ਰਾਮ ਪਿਆਰੀ ਉਸ ਨੂੰ ਗੁੱਸੇ ਹੋਈ ਕਹਿੰਦੀ ਹੈ, “ਵੇ ਕਾਕਾ, ਕੀ ਹੋ ਗਿਆ ਤੈਨੂੰ, ਬੋਲ – ਕਬੋਲ ਨਾ ਮੂੰਹੋਂ ਕੱਢ।”
ਭਾਣਜੇ ਲਈ ਫ਼ਿਕਰਮੰਦ : ਰਾਮ ਪਿਆਰੀ ਆਪਣੇ ਭਾਣਜੇ ਮਦਨ ਲਈ ਵੀ ਫ਼ਿਕਰਮੰਦ ਹੈ। ਉਹ ਸਾਧੂ ਨੂੰ ਕਹਿੰਦੀ ਹੈ ਕਿ ਬਾਬਾ ਜੀ ਇਸ ਦਾ ਕਸ਼ਟ ਨਿਵਾਰਨ ਕਰੋ।
ਜਦੋਂ ਮਦਨ ਰਾਮ ਪਿਆਰੀ ਨੂੰ ਆਪ ਬੀਤੀ ਦੱਸਦਾ ਹੈ ਤਾਂ ਉਹ ਉਸ ਦੀਆਂ ਗੱਲਾਂ ਸੁਣ ਕੇ ਫ਼ਿਕਰਮੰਦ ਹੋ ਜਾਂਦੀ ਹੈ।
ਹੌਸਲਾ ਦੇਣ ਵਾਲੀ : ਰਾਮ ਪਿਆਰੀ ਹਮਦਰਦ ਅਤੇ ਹੌਸਲਾ ਦੇਣ ਵਾਲੀ ਔਰਤ ਹੈ। ਜਦੋਂ ਉਸ ਦਾ ਭਾਣਜਾ ਮਦਨ ਉਸ ਨੂੰ ਆਪਣੀ ਕਹਾਣੀ ਸੁਣਾਉਂਦਾ ਹੈ ਤਾਂ ਉਹ ਉਸ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਫਿਕਰ ਨਾ ਕਰੇ ਅਤੇ ਹੌਸਲਾ ਰੱਖੇ।
ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਰਾਮ ਪਿਆਰੀ ਇਕਾਂਗੀ ‘ਮੌਨਧਾਰੀ’ ਦੀ ਇੱਕ ਪ੍ਰਮੁੱਖ ਪਾਤਰ ਹੈ ਜਿਸ ਦੇ ਆਲੇ – ਦੁਆਲੇ ਸਮੁੱਚੀ ਇਕਾਂਗੀ ਘੁੰਮਦੀ ਹੈ।