ਪ੍ਰਸ਼ਨ 1 - ਸਮਾਂ ਕਾਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ।
ਪ੍ਰਸ਼ਨ 2- ਸਮਾਂ ਕਵਿਤਾ ਵਿਚ ਸਮੇਂ ਦੀ ਸੰਭਾਲ ਸਬੰਧੀ ਕਵੀ ਕਿ ਸੁਨੇਹਾ ਦਿੰਦਾ ਹੈ।
Answers
Answer:
ਪ੍ਰਸ਼ਨ 1 . ‘ਸਮਾਂ’ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ – ਸਮਾਂ ਆਪਣੀ ਨਿਰੰਤਰ ਚਾਲ਼ ਚਲਦਾ ਰਹਿੰਦਾ ਹੈ। ਇਹ ਕਦੇ ਵੀ ਨਹੀਂ ਰੁੱਕਦਾ। ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋ ਕਰਨੀ ਚਾਹੀਦੀ ਹੈ ਭਾਵ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ।
ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਸਮੇਂ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਅਤੇ ਸਫ਼ਲ ਹੁੰਦਾ ਹੈ।
ਪ੍ਰਸ਼ਨ 2 . ‘ ਸਮਾਂ’ ਕਵਿਤਾ ਵਿੱਚ ਸਮੇਂ ਦੀ ਸੰਭਾਲ ਲਈ ਕਵੀ ਕੀ ਸੁਨੇਹਾ ਦਿੰਦਾ ਹੈ ?
ਉੱਤਰ – ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ‘ਸਮਾਂ’ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਇਹ ਕਦੇ ਵੀ ਨਹੀਂ ਰੁੱਕਦਾ।
ਜੋ ਸਮਾਂ ਇੱਕ ਵਾਰੀ ਬੀਤ ਗਿਆ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਸਹੀ ਵਰਤੋਂ ਕਰਕੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪ੍ਰਸ਼ਨ 3. ਕਵਿਤਾ ‘ਸਮਾਂ’ ਦਾ ਕੇਂਦਰੀ ਭਾਵ ਲਿਖੋ।
ਉੱਤਰ – ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚਲਦਾ ਰਹਿੰਦਾ ਹੈ। ਬੀਤਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ।
ਇਸ ਨੂੰ ਲੱਖਾਂ ਯਤਨ ਕਰਕੇ ਵੀ ਰੋਕਿਆ ਨਹੀਂ ਜਾ ਸਕਦਾ। ਸਮੇਂ ਦਾ ਸਹੀ ਇਸਤੇਮਾਲ ਕਰਕੇ ਸਮੇਂ ਨੂੰ ਸਾਂਭਿਆ ਜਾ ਸਕਦਾ ਹੈ।
ਪ੍ਰਸ਼ਨ 4 . ਹੇਠ ਲਿਖੀਆਂ ਕਾਵਿ – ਸਤਰਾਂ ਜਾਂ ਤੁਕਾਂ ਦੀ ਵਿਆਖਿਆ ਆਪਣੇ ਸ਼ਬਦਾਂ ਵਿੱਚ ਕਰੋ –
1. ਰਹੀ ਵਾਸਤੇ ਘੱਤ, ‘ਸਮੇਂ’ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ, ‘ਸਮੇਂ’ ਖਿਸਕਾਈ ਕੰਨੀ।
ਵਿਆਖਿਆ – ਇਨ੍ਹਾਂ ਕਾਵਿ – ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਲਈ ਉਸਦੇ ਅੱਗੇ ਬਹੁਤ ਤਰਲੇ – ਮਿੰਨਤਾਂ ਕੀਤੀਆਂ, ਪਰ ਉਸ ਨੇ ਮੇਰੀ ਇੱਕ ਵੀ ਗੱਲ ਨਾ ਮੰਨੀ।
ਮੈਂ ਉਸ ਨੂੰ ਫੜ – ਫੜ ਕੇ ਆਪਣੇ ਵੱਲ ਖਿੱਚਣ ਦੀ ਵੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਮੇਰੇ ਕੋਲੋਂ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਚਲਾ ਗਿਆ।
2. ਕਿਵੇਂ ਨਾ ਸੱਕੀ ਰੋਕ, ਅਟਕ ਜੋ ਪਾਈ, ਭੰਨੀ,
ਤ੍ਰਿੱਖੇ ਆਪਣੇ ਵੇਗ, ਗਿਆ ਟੱਪ ਬੰਨੇ – ਬੰਨੀ।
ਵਿਆਖਿਆ – ਇਨ੍ਹਾਂ ਕਾਵਿ – ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਦੇ ਤੇਜ਼ ਵੇਗ ਨੂੰ ਰੋਕਣ ਵਿੱਚ ਕਾਮਯਾਬ ਨਾ ਹੋ ਸਕਿਆ।
ਉਸ ਦੇ ਰਸਤੇ ਵਿੱਚ ਮੈਂ ਜੋ ਵੀ ਰੁਕਾਵਟ ਪਾਈ, ਉਸ ਨੇ ਉਹਨਾਂ ਦੀਆਂ ਸਾਰੀਆਂ ਰੁਕਾਵਟਾਂ ਨੂੰ ਤੋੜ ਦਿੱਤਾ। ਆਪਣੀ ਤਿੱਖੀ ਚਾਲ ਦੇ ਨਾਲ ਉਹ ਸੱਭ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਵਧਦਾ ਗਿਆ।
ਪ੍ਰਸ਼ਨ 5 . ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ ?
ਉੱਤਰ – ਭਾਈ ਵੀਰ ਸਿੰਘ ਨੇ ਸਮੇਂ ਦੇ ਨਿਰੰਤਰ ਚੱਲਦੇ ਰਹਿਣ ਬਾਰੇ ਕਿਹਾ ਹੈ। ਕਵੀ ਕਹਿੰਦਾ ਹੈ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ।
ਇਹ ਨਾ ਹੀ ਰੁੱਕਦਾ ਹੈ ਅਤੇ ਨਾ ਹੀ ਕਦੇ ਵਾਪਸ ਆਉਂਦਾ ਹੈ। ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਪ੍ਰਸ਼ਨ 6 . ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ – ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦ – ਉਪਯੋਗ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ।
ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆਂ ਇਸ ਵਾਂਗ ਗਤੀਸ਼ੀਲ ਰਹਿਣਾ ਚਾਹੀਦਾ ਹੈ।