ਲੇਖ- ਵਿਚਾਰ ਪ੍ਰਧਾਨ in Punjabi please
Answers
Answer:
ਲੇਖ ਰਚਨਾ
....................................................................................................................
ਲੇਖ ਕਿਸ ਨੂੰ ਆਖਦੇ ਹਨ
ਲੇਖ ਅਜਿਹੀ ਰਚਨਾ ਦਾ ਨਾਂ ਹੈ ਜਿਸ ਵਿਚ ਕਿਸੇ ਵਿਸ਼ੇ ਬਾਰੇ ਖਾਸ ਬੱਝਵੀਂ ਤਰਤੀਬ ਨਾਲ ਵਾਕਫੀ ਦਿੱਤੀ ਜਾਂਦੀ ਹੈ। ਮੁੱਖ ਤੌਰ ਤੇ ਅਜਿਹੀ ਰਚਨਾ ਦੇ ਤਿੰਨ ਪੱਖ ਹੁੰਦੇ ਹਨ। ਸਭ ਤੋਂ ਪਹਿਲਾ ਪੱਖ ਲੇਖ ਦਾ ਵਿਸ਼ਾ ਹੁੰਦਾ ਹੈ ਅਰਥਾਤ ਲੇਖ ਵਿਚ ਪਗ੍ਰਟ ਕੀਤੇ ਗਏ ਵਿਚਾਰ ਜਾਂ ਅਨੁਭਵ। ਵਿਸ਼ਾ ਜੀਵਨ ਦਾ ਕੋਈ ਵੀ ਵਿਚਾਰ ਅਨੁਭਵ ਜਾਂ ਕੋਈ ਵੀ ਵਸਤੂ ਹੋ ਸਕਦੀ ਹੈ। ਕਿਸੇ ਵੀ ਨਿਗੂਣੀ ਤੋਂ ਨਿਗੂਣੀ ਅਤੇ ਮਹਾਨ ਤੋਂ ਮਹਾਨ ਵਸਤੂ ਤੇ ਲੇਖ ਲਿਖਿਆ ਜਾ ਸਕਦਾ ਹੈ। ਲੇਖ ਦਾ ਦੂਜਾ ਪੱਖ ਭਾਸ਼ਾ ਹੈ। ਲੇਖ ਵਾਰਤਕ ਵਿਚ ਲਿਖਿਆ ਜਾ ਸਕਦਾ ਹੈ ਅਤੇ ਇਸ ਵਿਚ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਣਾ ਅਤਿਅੰਤ ਜਰੂਰੀ ਹੁੰਦਾ ਹੈ। ਸ਼ੁਧ ਭਾਸ਼ਾ ਲੇਖ ਦੀ ਜਿੰਦ ਜਾਨ ਹੈ। ਲੇਖ ਦਾ ਤੀਜਾ ਪੱਖ ਸ਼ੈਲੀ ਹੁੰਦਾ ਹੈ ਇਸ ਦਾ ਅਰਥ ਹੈ ਬਿਆਨ ਕਰਨ ਦਾ ਢੰਗ। ਸ਼ੁਧ ਭਾਸ਼ਾ ਦੇ ਨਾਲ ਨਾਲ ਆਪਣੇ ਵਿਚਾਰਾਂ ਨੂੰ ਬਝਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨਾ ਵੀ ਬਹੁਤ ਜਰੂਰੀ ਹੁੰਦਾ ਹੈ। ਸਰਲਤਾ, ਸਪਸ਼ਟਤਾ ਦੇ ਨਾਲ ਨਾਲ ਆਪਣੀ ਗੱਲ ਨੂੰ ਸੰਜਮ ਭਰੇ ਢੰਗ ਨਾਲ ਬਿਆਨ ਕਰਕੇ ਪਾਠਕ ਦੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਹੀ ਲੇਖ ਦੀ ਸ਼ੈਲੀ ਹੈ।
ਲੇਖ ਦੀਆਂ ਕਿਸਮਾਂ
ਭਾਵੇਂ ਲੇਖਾਂ ਦੀਆਂ ਕਿਸਮਾਂ ਦੀ ਵੰਡ ਅਨੇਕਾਂ ਢੰਗਾਂ ਨਾਲ ਕੀਤੀ ਜਾਂਦੀ ਹੈ, ਪਰ ਆਮ ਤੌਰ ਤੇ ਇਸ ਨੂੰ ਹੇਠ ਲਿਖੀਆਂ ਤਿੰਨ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ-
1. ਬਿਆਨੀਆ ਜਾਂ ਵਰਣਨਾਤਮਕ ਲੇਖ - ਇਸ ਪ੍ਰਕਾਰ ਦੇ ਲੇਖਾਂ ਵਿਚ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਆਪਣੇ ਵਿਚਾਰਾਂ ਨੂੰ ਬਿਆਨ ਕੀਤਾ ਜਾਂਦਾ ਹੈ। ਅਜਿਹੇ ਲੇਖਾਂ ਵਿਚ ਆਮ ਤੌਰ ਤੇ ਆਪਣੇ ਕੋਲੋਂ ਬਹੁਤਾ ਮਸਾਲਾ ਲਾਉਣ ਦੀ ਲੋਡ਼ ਨਹੀਂ ਹੁੰਦੀ, ਸਗੋਂ ਉਸ ਵਿਸ਼ੇ ਬਾਰੇ ਮਿਲਦੀ ਜਾਣਕਾਰੀ ਨੂੰ ਹੀ ਇਕੱਤਰ ਕੀਤਾ ਜਾਂਦਾ ਹੈ। ਮਹਾਤਮਾ ਗਾਂਧੀ, ਗੁਰੂ ਨਾਨਕ, ਚੰਡੀਗਡ਼੍ਹ, ਤਾਜ ਮਹੱਲ, ਹਵਾਈ ਜਹਾਜ਼ ਆਦਿ ਉੱਤੇ ਲਿਖੇ ਗਏ ਲੇਖ ਅਜਿਹੇ ਲੇਖਾਂ ਦੇ ਅਧੀਨ ਆਉਂਦੇ ਹਨ।
2. ਬਿਰਤਾਂਤਕ ਲੇਖ - ਇਸ ਪ੍ਰਕਾਰ ਦੇ ਲੇਖਾਂ ਵਿਚ ਬੀਤ ਚੁੱਕੀਆਂ ਘਟਨਾਵਾਂ ਜਾਂ ਕਿਸੇ ਸਫਰ ਆਦਿ ਦਾ ਹੱਲ ਬਿਆਨ ਕੀਤਾ ਜਾਂਦਾ ਹੈ, ਅਜਿਹਾ ਬਿਆਨ ਲਡ਼ੀਵਾਰ ਤੇ ਬੱਝਵਾਂ ਹੁੰਦਾ ਹੈ। ਸਮੁੱਚੀ ਘਟਨਾ ਦੇ ਆਦਿ, ਮੱਧ ਅਤੇ ਅੰਤ ਨੂੰ ਵਿਸ਼ੇਸ਼ ਤਰਤੀਬ ਦੇ ਕੇ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਲੇਖਾਂ ਵਿਚ ਪਹਾਡ਼ ਦੀ ਸੈਰ,ਰੇਲ ਦੀ ਯਾਤਰਾ, ਕਿਸੇ ਮੈਚ ਦਾ ਹਾਲ, ਆਦਿ ਵਿਸ਼ੇ ਆਉਂਦੇ ਹਨ।
3. ਵਿਚਾਰਾਤਮਕ ਜਾਂ ਵਿਚਾਰ-ਪ੍ਰਧਾਨ ਲੇਖ - ਇਸ ਪ੍ਰਕਾਰ ਦੇ ਲੇਖਾਂ ਵਿਚ ਕਿਸੇ ਗੰਭੀਰ ਵਿਸ਼ੇ ਬਾਰੇ ਕੀਤਾ ਜਾਂਦਾ ਹੈ। ਦਲੀਲਾਂ ਨਾਲ ਵਿਸ਼ੇ ਦੇ ਸਾਰੇ ਪੱਖਾਂ ਨੂੰ ਵਿਸਥਾਰ ਸਹਿਤ ਵਿਚਾਰਿਆ ਜਾਂਦਾ ਹੈ। ਹੋਰ ਵਿਦਵਾਨਾਂ ਦੇ ਵਿਚਾਰਾਂ ਜਾਂ ਵਿਗਿਆਨ ਦੇ ਲਾਭ-ਹਾਣ, ਪਰਉਪਕਾਰ, ਕੌਮੀ ਏਕਤਾ, ਆਦਿਕ ਵਿਸ਼ਿਆਂ ਉੱਤੇ ਲਿਖੇ ਲੇਖ ਅਜਿਹੇ ਲੇਖਾਂ ਦੇ ਥੱਲੇ ਆਉਂਦੇ ਹਨ।
ਲੇਖ ਦੇ ਭਾਗ
ਆਮ ਤੌਰ ਤੇ ਹਰ ਲੇਖ ਦੇ ਤਿੰਨ ਭਾਗ ਕੀਤੇ ਜਾਂਦੇ ਹਨ ਆਦਿ, ਮੱਧ, ਅੰਤ।
ਆਦਿ ਲੇਖ ਦਾ ਮੁੱਢਲਾ ਭਾਗ ਹੁੰਦਾ ਹੈ। ਇਹ ਬਹੁਤ ਰੋਚਕ ਹੋਣਾ ਚਾਹੀਦਾ ਹੈ। ਜਿਸ ਲੇਖ ਦਾ ਮੁੱਢ ਠੀਕ ਸ਼ੁਰੂ ਹੋ ਗਿਆ ਹੋਵੇ ਸਮਝੋ ਉਹ ਪਹਿਲਾਂ ਹੀ ਅੱਧਾ ਸਫਲ ਹੋ ਗਿਆ। ਇਥੇ ਲੇਖ ਦੇ ਵਿਸ਼ੇ ਨਾਲ ਮੁੱਢਲੀ ਜਾਣ-ਪਛਾਣ ਕਰਾਈ ਗਈ ਹੁੰਦੀ ਹੈ। ਮੱਧ ਵਿਚ ਵਿਸ਼ੇ ਨੂੰ ਵਿਸਥਾਰ ਨਾਲ ਬਿਆਨ ਕਰਨਾ ਚਾਹੀਦਾ ਹੈ। ਇਹ ਲੇਖ ਦਾ ਮੁੱਢਲਾ ਭਾਗ ਹੁੰਦਾ ਹੈ ਕਿਉਂਕਿ ਇਸ ਵਿਚ ਸਮੁੱਚੇ ਲੇਖ ਦਾ ਜ਼ਰੂਰੀ ਹਿੱਸਾ ਆ ਜਾਂਦਾ ਹੈ। ਅੰਤ ਵਿਚ ਪਹਿਲਾਂ ਕੀਤੇ ਬਿਆਨ ਦਾ ਸਾਰ ਆ ਜਾਣਾ ਚਾਹੀਦਾ ਹੈ। ਇਹ ਸਾਰ ਅਜਿਹੇ ਸ਼ਬਦਾਂ ਵਿਚ ਹੋਣਾ ਚਾਹੀਦਾ ਹੈ ਕਿ ਪਡ਼੍ਹਨ ਵਾਲੇ ਦੇ ਮਨ ਉੱਪਰ ਪੱਕਾ ਪ੍ਰਭਾਵ ਛੱਡ ਦੇਵੇ।
ਲੇਖ ਲਿਖਣ ਦੀ ਯੋਗਤਾ ਕਰਨ ਲਈ ਲਗਾਤਾਰ ਅਭਿਆਸ ਦੀ ਲੋਡ਼ ਹੈ। ਇਸ ਲਈ ਆਪਣੇ ਗਿਆਨ ਦਾ ਘੇਰਾ ਵਿਸ਼ਾਲ ਕਰਨਾ ਚਾਹੀਦਾ ਹੈ। ਪਡ਼੍ਹ-ਸੁਣ ਕੇ ਜਾਂ ਵਿਚਾਰ ਕਰ ਕੇ ਜੋ ਗਿਆਨ ਪਰਾਪਤ ਹੋਵੇ ਉਸ ਨੂੰ ਕੁਝ ਚਿਰ ਆਪਣੇ ਮਨ ਵਿਚ ਪੱਕਿਆਂ ਕਰਨਾ ਚਾਹੀਦਾ ਹੈ। ਫੇਰ ਉਸ ਪਰਾਪਤ ਕੀਤੇ ਗਏ ਗਿਆਨ ਨੂੰ ਗੁੰਦਵੇਂ ਢੰਗ ਨਾਲ ਸ਼ੁੱਧ ਭਾਸ਼ਾ ਵਿਚ ਅਤੇ ਸੁੰਦਰ ਸ਼ੈਲੀ ਵਿਚ ਲਿਖਣ ਨਾਲ ਹੀ ਇਕ ਉੱਤਮ ਲੇਖ ਲਿਖਿਆ ਜਾ ਸਕਦਾ ਹੈ।
ਇਸ ਦਾ ਸਰਲ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਕਿਸੇ ਵਿਸ਼ੇ ਬਾਰੇ ਆਪਣੇ ਵਿਚਾਰਾਂ ਨੂੰ ਕਾਗਜ਼ ਉੱਪਰ ਲਿਖਦੇ ਜਾਣਾ ਚਾਹੀਦਾ ਹੈ। ਫੇਰ ਉਨ੍ਹਾਂ ਨੂੰ ਕਿਸੇ ਤਰਤੀਬ ਅਨੁਸਾਰ ਕਰ ਕੇ ਸੋਧ ਲੈਣਾ ਚਾਹੀਦਾ ਹੈ। ਫਾਲਤੂ ਅਤੇ ਅਢੁੱਕਵੇਂ ਵਿਚਾਰ ਕੱਢ ਦੇਣੇ ਚਾਹੀਦੇ ਹਨ ਅਤੇ ਢੁੱਕਵੇਂ ਵਿਚਾਰਾਂ ਨੂੰ ਠੀਕ ਢੰਗ ਨਾਲ ਤਰਤੀਬ ਵਿਚ ਲੈ ਆਉਣਾ ਚਾਹੀਦਾ ਹੈ। ਇਸ ਤਰਾਂ ਉਸ ਲੇਖ ਦੀ ਰੂਪ ਰੇਖਾ ਬਣ ਜਾਵੇਗੀ ਜਿਸ ਨੂੰ ਵਿਸਥਾਰ ਨਾਲ ਭਰ ਕੇ ਪੂਰਾ ਲੇਖ ਲਿਖਿਆ ਜਾ ਸਕਦਾ ਹੈ।
ਚੰਗੇ ਲੇਖ ਵਿਚ ਕੀ ਹੋਣਾ ਚਾਹੀਦਾ ਹੈ
1. ਇਕ ਚੰਗੇ ਲੇਖ ਵਿਚ ਵਿਸ਼ੇ ਨੂੰ ਬਡ਼ੇ ਸਪਸ਼ਟ, ਸਰਲ ਅਤੇ ਸਾਦੇ ਢੰਗ ਨਾਲ ਬਿਆਨ ਕੀਤਾ ਹੋਣਾ ਚਾਹੀਦਾ ਹੈ। ਲੇਖ ਦੇ ਵਿਸ਼ੇ ਬਾਰੇ ਪੂਰੀ ਜਾਣਕਾਰੀ ਪੇਸ਼ ਕਰਨੀ ਚਾਹੀਦੀ ਹੈ ਅਤੇ ਵਿਸ਼ੇ ਦੇ ਹਰ ਅੰਗ ਉੱਤੇ ਪੂਰੀ ਰੋਸ਼ਨੀ ਪਾਈ ਜਾਣੀ ਚਾਹੀਦੀ ਹੈ।
2. ਚੰਗੇ ਲੇਖ ਵਿਚ ਵਿਚਾਰਾਂ ਨੂੰ ਬਡ਼ੇ ਸੁਚੱਜੇ ਢੰਗ ਨਾਲ ਤਰਤੀਬ ਵਿਚ ਪੇਸ਼ ਕੀਤਾ ਹੋਣਾ ਜਰੂਰੀ ਹੈ। ਇਕ ਵਿਚਾਰ ਵਿਚੋਂ ਦੂਸਰਾ ਵਿਚਾਰ ਆਪਣੇ ਆਪ ਹੀ ਨਿਕਲਦਾ ਪ੍ਰਤੀਤ ਹੋਵੇ। ਉੱਗਡ਼-ਦੁੱਗਡ਼ ਵਿਚਾਰਾਂ ਵਾਲੇ ਲੇਖ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਨਾ ਹੀ ਵਿਸ਼ਾ ਸਪਸ਼ਟ ਹੋ ਕੇ ਸਾਮ੍ਹਣੇ ਆਉਂਦਾ ਹੈ।
3. ਅਢੁੱਕਵੇਂ ਅਤੇ ਬੇਲੋਡ਼ੇ ਵਿਚਾਰਾਂ ਦੀ ਇਕ ਚੰਗੇ ਲੇਖ ਵਿਚ ਅਣਹੋਂਦ ਹੁੰਦੀ ਹੈ। ਲੇਖਕ ਨੂੰ ਮੁੱਖ ਵਿਸ਼ੇ ਦੇ ਨੇਡ਼ੇ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਦਲੀਲਾਂ ਜਾਂ ਉਦਾਹਰਨਾਂ ਨੂੰ ਬਹੁਤ ਲੰਮਾ ਨਹੀਂ ਕਰਨਾ ਚਾਹੀਦਾ, ਅਜਿਹਾ ਹੋਣ ਨਾਲ ਲੇਖ ਵਿਚਲੇ ਵਿਚਾਰਾਂ ਦੇ ਪ੍ਰਭਾਵ ਦੀ ਏਕਤਾ ਟੁੱਟ ਜਾਂਦੀ ਹੈ।
4. ਲੇਖ ਦਾ ਆਦਿ, ਮੱਧ ਅਤੇ ਅੰਤ ਬਹੁਤ ਰੋਚਕ, ਪ੍ਰਭਾਵਸ਼ਾਲੀ, ਢੁੱਕਵਾਂ ਅਤੇ ਸਪਸ਼ਟ ਹੋਣਾ ਚਾਹੀਦਾ ਹੈ। ਸਾਰੇ ਲੇਖ ਦਾ ਪਸਾਰਾ ਪਾਣੀ ਉੱਤੇ ਤੇਲ ਦੀ ਬੂੰਦ ਵਾਂਗ ਫੈਲਦਾ ਪ੍ਰਤੀਤ ਹੋਣਾ ਚਾਹੀਦਾ ਹੈ।
5. ਚੰਗੇ ਲੇਖ ਵਿਚ ਵਿਚਾਰਾਂ, ਦਲੀਲਾਂ ਜਾਂ ਉਦਾਹਰਣਾਂ ਆਦਿ ਨੂੰ ਦੁਹਰਾਉਣਾ ਨਹੀਂ ਚਾਹੀਦਾ, ਦੁਹਰਾਉ ਲੇਖ ਵਿਚ ਬੇਲੋਡ਼ਾ ਵਿਸਥਾਲ ਲੈ ਆਉਂਦਾ ਹੈ। ਅਜਿਹਾ ਵਿਸਥਾਰ ਲੇਖ ਦੇ ਸਮੁੱਚੇ ਪ੍ਰਭਾਵ ਨੂੰ ਖਤਮ ਕਰਦਾ ਹੈ ਅਤੇ ਉਸ ਦਾ ਬਣਤਰ ਦੇ ਉਲਟ ਹੈ।
6. ਸ਼ਬਦਾਂ, ਵਾਕਾਂ, ਮੁਹਾਵਰਿਆਂ ਆਦਿ ਦਾ ਢੁੱਕਵਾਂ ਅਤੇ ਸਹੀ ਪ੍ਰਯੋਗ ਚੰਗੇ ਲੇਖ ਦਾ ਮੁੱਖ ਗੁਣ ਹੈ। ਵਾਕ ਛੋਟੇ-ਛੋਟੇ, ਸਰਲ ਅਤੇ ਭਾਵਪੂਰਤ ਹੋਣੇ ਚਾਹੀਦੇ ਹਨ। ਵਿਆਕਰਣ ਦੇ ਪੱਖ ਤੋਂ ਇਨ੍ਹਾਂ ਵਾਕਾਂ ਦਾ ਪੂਰੀ ਤਰ੍ਹਾਂ ਸਹੀ ਹੋਣਾ ਹੋਰ ਵੀ ਜਰੂਰੀ ਹੈ।
7. ਸਾਰਾ ਲੇਖ ਛੋਟੇ-ਛੋਟੇ ਪੈਰਿਆਂ ਵਿਚ ਵੰਡਿਆ ਹੋਣਾ ਚਾਹੀਦਾ ਹੈ। ਇਹ ਪੈਰੇ ਹਾਰ ਦੇ ਫੁੱਲਾਂ ਵਾਂਗ ਪਰੋਏ ਹੋਣੇ ਚਾਹੀਦੇ ਹਨ। ਇਕ ਪੈਰਾ ਦੂਸਰੇ ਪੈਰੇ ਵਿਚੋਂ ਫੁੱਟਦਾ ਪ੍ਰਤੀਤ ਹੋਵੇ ਤੇ ਇਉਂ ਵਿਚਾਰ ਲਡ਼ੀ ਵਿਚ ਪਰੋਏ ਹੋਣ।
8. ਲੇਖ ਦੀ ਭਾਸ਼ਾ ਬਡ਼ੀ ਸ਼ੁੱਧ, ਸਰਲ, ਸਾਦੀ ਅਤੇ ਢੁੱਕਵੀਂ ਹੋਣੀ ਚਾਹੀਦੀ ਹੈ। ਹਿੰਦੀ, ਉਰਦੂ, ਅੰਗ੍ਰੇਜੀ ਜਾਂ ਸੰਸਕ੍ਰਿਤ ਦੇ ਸ਼ਬਦਾਂ ਦਾ ਬੇਲੋਡ਼ ਪ੍ਰਯੋਗ ਨਹੀਂ ਹੋਣਾ ਚਾਹੀਦਾ।