ਮਿਹਨਤ ਸਫਲਤਾ ਦੀ ਕੁੰਜੀ ਹੈ। paragraph in 500 words.. please
Answers
Answer:
ਦੁਨੀਆਂ ਭਰ ਵਿੱਚ ਹਰੇਕ ਮਨੁੱਖ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਚਾਹੁੰਦਾ ਹੈ। ਹਰ ਸਫਲ ਵਿਅਕਤੀ ਪਿੱਛੇ ਉਸ ਦੀ ਸਖਤ ਮਿਹਨਤ, ਲਗਨ ਤੇ ਉਸ ਦੀਆਂ ਖੂਬੀਆਂ ਹੁੰਦੀਆਂ ਹਨ। ਦੁਨੀਆਂ ਦਾ ਕੋਈ ਅਜਿਹਾ ਕੰਮ ਨਹੀਂ, ਜੋ ਮਨੁੱਖ ਨਾ ਕਰ ਸਕੇ। ਹਰ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਹ ਜ਼ਿੰਦਗੀ ਵਿੱਚ ਉੱਚਾ ਮੁਕਾਮ ਹਾਸਿਲ ਕਰੇ। ਜ਼ਿਆਦਾਤਾਰ ਲੋਕ ਆਪਣੇ ਜੀਵਨ ਵਿੱਚ ਤਰੱਕੀ ਤਾਂ ਕਰਨੀ ਚਾਹੁੰਦੇ ਹਨ ਪਰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹ ਉੰਨੀ ਮਿਹਨਤ ਨਹੀਂ ਕਰਦੇ, ਜਿੰਨੀ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦੀ ਹੈ। ਦੁਨੀਆਂ ਵਿੱਚ ਕੋਈ ਅਜਿਹਾ ਇਨਸਾਨ ਨਹੀਂ, ਜਿਸ ਨੂੰ ਵਾਰ ਵਾਰ ਮਿਹਨਤ ਕਰਨ ਦੇ ਬਾਵਜੂਦ ਸਫਲਤਾ ਨਾ ਮਿਲੀ ਹੋਵੇ। ਸੁ਼ਕਰਾਤ ਅਨੁਸਾਰ ਸਭ ਤੋਨ ਚੰਗਾ ਮਨੁੱਖ ਉਹ ਹੈ ਜੋ ਆਪਣੀ ਤਰੱਕੀ ਲਈ ਖੁਦ ਸਭ ਤੋਂ ਵੱਧ ਮਿਹਨਤ ਕਰਦਾ ਹੈ।
ਮਿਹਨਤ ਨਾਲ ਪਿਆਰ ਹੀ ਸਾਡੇ ਸੁੱਖਾਂ ਦਾ ਆਧਾਰ ਹੈ। ਮਿਹਨਤ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਰੂਹਾਨੀ ਤੌਰ ’ਤੇ ਤੰਦਰੁਸਤ ਰੱਖਦੀ ਹੈ। ਮਿਹਨਤ ਹੀ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਤੇ ਦੁੱਖਾਂ ਦਾ ਇਲਾਜ ਹੈ। ਕਿਸੇ ਵੀ ਮਹਾਨ ਵਿਅਕਤੀ ਦੀ ਜੀਵਨੀ ’ਤੇ ਝਾਤੀ ਮਾਰ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਮਨੁੱਖ ਨੇ ਸੱਚੀ ਸੁੱਚੀ ਅਤੇ ਅਣਥੱਕ ਮਿਹਨਤ ਨਾਲ ਹੀ ਪ੍ਰਾਪਤੀ ਕੀਤੀ ਹੈ। ਮਿਹਨਤ ਨਾਲ ਅਸੀਂ ਮਨ ਦੀ ਹਰ ਇੱਛਾ ਪੂਰੀ ਕਰ ਸਕਦੇ ਹਾਂ ਅਤੇ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਲਿੰਕਨ ਜ਼ਿੰਦਗੀ ਵਿੱਚ ਹਜ਼ਾਰਾਂ ਵਾਰ ਅਸਫਲ ਹੋਣ ਦੇ ਬਾਵਜੂਦ ਦੇਸ਼ ਦੇ ਸਰਵ ਉੱਚ ਅਹੁਦੇ ’ਤੇ ਪਹੁੰਚਣ ਵਿੱਚ ਕਾਮਯਾਬ ਹੋਏ ਸਨ। ਇਸੇ ਤਰ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫਰੈਂਕਲਿਨ ਪੀਅਰਜ਼ ਆਪਣੇ ਵਕਾਲਤ ਦੇ ਪੇਸ਼ੇ ਵਿੱਚ ਸ਼ੁਰੂਆਤ ਵਿੱਚ ਅਸਫਲ ਹੋ ਗਏ ਸਨ ਪਰ ਉਨ੍ਹਾਂ ਨੇ ਇਹ ਟੀਚਾ ਬਣਾ ਲਿਆ ਸੀ ਕਿ 999 ਵਾਰ ਅਸਫਲ ਹੋਣ ’ਤੇ ਵੀ ਉਹ ਵਕਾਲਤ ਹੀ ਕਰਨਗੇ। ਬਾਅਦ ਵਿੱਚ ਉਹ ਆਪਣੇ ਦ੍ਰਿੜ੍ਹ ਸੰਕਲਪ ਕਾਰਨ ਨਾ ਸਿਰਫ ਇੱਕ ਸਫਲ ਵਕੀਲ ਬਣੇ ਸਗੋਂ ਅਮਰੀਕਾ ਦੇ ਰਾਸ਼ਟਰਪਤੀ ਵੀ ਬਣੇ ਸਨ। ਥਾਮਸ ਐਡੀਸਨ ਨੂੰ ਬਿਜਲੀ ਦੇ ਬਲਬ ਦੀ ਖੋਜ ਕਰਨ ਵਿੱਚ ਦਸ ਹਜ਼ਾਰ ਵਾਰ ਅਸਫਲਤਾ ਮਿਲੀ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਮਿਹਨਤ ਜਾਰੀ ਰੱਖੀ। ਨਤੀਜੇ ਵਜੋਂ ਉਹ ਬਿਜਲੀ ਦੇ ਬਲਬ ਦੀ ਖੋਜ ਕਰਨ ਵਿੱਚ ਕਾਮਯਾਬ ਹੋ ਗਿਆ।
ਸਫਲਤਾ ਅਸਫਲਤਾ ਵਿੱਚੋਂ ਹੀ ਉਪਜਦੀ ਹੈ। ਕਾਨਰਾਡ ਹਿਲਟਨ ਅਨੁਸਾਰ ਸਫਲਤਾ ਕਰਮ ਨਾਲ ਜੁੜੀ ਹੈ। ਸਫਲ ਲੋਕ ਅੱਗੇ ਵਧਦੇ ਰਹਿੰਦੇ ਹਨ। ਉਹ ਗਲਤੀਆਂ ਕਰਦੇ ਹਨ ਪਰ ਕੰਮ ਨੂੰ ਕਰਨਾ ਨਹੀਂ ਛੱਡਦੇ। ਕੋਈ ਵੀ ਵਿਅਕਤੀ ਉਸੇ ਤਰ੍ਹਾਂ ਕਰ ਸਕਦਾ ਹੈ ਜਿਸ ਤਰ੍ਹਾਂ ਕਰਨਾ ਚਾਹੁੰਦਾ ਹੈ। ਦੁਨੀਆਂ ਵਿੱਚ ਉਹੀ ਲੋਕ ਦੀਵੇ ਦੀ ਲੋਅ ਨੂੰ ਹਵਾਵਾਂ ਤੋਂ ਬਚਾ ਕੇ ਰੱਖ ਸਕਦੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਦੀਵੇ ਦੇ ਸੇਕ ਨੂੰ ਝੱਲਣ ਦੀ ਤਾਕਤ ਹੁੰਦੀ ਹੈ। ਅਸਫਲਤਾ ਦਾ ਸਾਹਮਣਾ ਹੋਣ ’ਤੇ ਕਿਸੇ ਵੀ ਇਨਸਾਨ ਨੂੰ ਮਿਹਨਤ ਬੰਦ ਨਹੀਂ ਕਰਨੀ ਚਾਹੀਦੀ ਸਗੋਂ ਅਸਫਲਤਾ ਦੇ ਕਾਰਨਾਂ ਦਾ ਪਤਾ ਲਗਾ ਕੇ ਦੁਬਾਰਾ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਆਪਣੀਆਂ ਅਸਫਲਤਾਵਾਂ ’ਤੇ ਪਛਤਾਵਾ ਨਹੀਂ ਕਰਨਾ ਚਾਹੀਦਾ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਸਹੀ ਸਮੇਂ ਕੀਤਾ ਸਹੀ ਫੈਸਲਾ ਸਫਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਦੇ ਬਰਾਬਰ ਹੁੰਦਾ ਹੈ। ਜੋ ਮਨੁੱਖ ਸਮੇਂ ਦੀ ਕਦਰ ਕਰਦਾ ਹੈ, ਸਮਾਂ ਵੀ ਉਸ ਦੀ ਹੀ ਕਦਰ ਕਰਦਾ ਹੈ। ਤੁਸੀਂ ਜੀਵਨ ਵਿੱਚ ਜੇ ਕੁਝ ਬਣਨਾ ਚਾਹੁੰਦੇ ਹੋ, ਕੁਝ ਕਰਕੇ ਵਿਖਾਉਣਾ ਚਾਹੁੰਦੇ ਹੋ ਤਾਂ ਕੰਮ ਲਈ ਸਮਾਂ ਜ਼ਰੂਰ ਨਿਸ਼ਚਿਤ ਕਰੋ। ਉਸ ਕੰਮ ਨੂੰ ਸਮੇਂ ਸਿਰ ਨੇਪੜੇ ਚਾਹੋ। ਅੱਜ ਦਾ ਕੰਮ ਕੱਲ੍ਹ ’ਤੇ ਨਾ ਛੱਡੋ। ਤੁਹਾਡੀ ਮਿਹਨਤ ਤਦ ਹੀ ਸਫਲ ਹੋਵੇਗੀ ਜੇਕਰ ਤੁਸੀਂ ਸਾਰੇ ਕੰਮ ਸਮੇਂ ਸਿਰ ਕਰੋਗੇ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇੱਕ ਵਾਰ ਲੰਘ ਗਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ।
ਅਸੀਂ ਬਹੁਤ ਵਾਰੀ ਆਖ ਦਿੰਦੇ ਹਾਂ ਕਿ ਇਹ ਕੰਮ ਫਿਰ ਸਹੀ। ‘ਫਿਰ ਸਹੀ’ ਦੀ ਆਦਤ ਸਾਨੂੰ ਜ਼ਿੰਦਗੀ ਵਿੱਚ ਪਿਛਾਂਹ ਧੱਕ ਦਿੰਦੀ ਹੈ। ਜੇ ਰੋਜ਼ ਦਾ ਕੰਮ ਰੋਜ਼ ਨਾ ਕਰੀਏ ਤਾਂ ਇਕੱਠਾ ਹੋਇਆ ਕੰਮ ਪਹਾੜ ਜਿੱਡਾ ਲੱਗਦਾ ਹੈ। ਫਿਰ ਅਸੀਂ ਰੋਜ਼ਾਨਾ ਦੇ ਕੰਮ ਤੋਂ ਪਛੜਨ ਕਰਕੇ ਅੱਗੇ ਵਧਣ ਤੋਂ ਡਰਨ ਲੱਗਦੇ ਹਾਂ। ਇੱਥੋਂ ਹੀ ਅਸਫਲਤਾ ਸ਼ੁਰੂ ਹੁੰਦੀ ਹੈ। ਸਮਾਂ ਕਿਸੇ ਦਾ ਮਿੱਤ ਨਹੀਂ। ਇਸ ਨਾਲ ਤੁਰਦਾ ਮਨੁੱਖ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਜੋ ਮਨੁੱਖ ਪਛੜ ਗਿਆ, ਉਹ ਬੀਤੇ ਨੂੰ ਯਾਦ ਕਰਕੇ ਪਛਤਾਉਂਦਾ ਹੈ।
ਕਿਸੇ ਕੰਮ ਨੂੰ ਸ਼ੁਰੂ ਕਰਨ ਵਿੱਚ ਜਦੋਂ ਵਿਅਕਤੀ ਇੱਕ ਮਨ ਹੋ ਕੇ ਚਿੰਤਨ ਕਰਦਾ ਹੈ ਤਾਂ ਚਿੰਤਨ ਵਿੱਚੋਂ ਕਈ ਰਸਤੇ ਨਿਕਲਦੇ ਹਨ। ਜਿੰਨੀਆਂ ਵੀ ਵਿਗਿਆਨਕ ਕਾਢਾਂ ਕੱਢੀਆਂ ਗਈਆਂ ਹਨ ਸਭ ਵਿੱਚ ਵਿਗਿਆਨੀਆਂ ਨੇ ਪਹਿਲਾਂ ਡੂੰਘਾ ਚਿੰਤਨ ਕੀਤਾ, ਮਗਰੋਂ ਪ੍ਰਜੈਕਟ ਰਿਪੋਰਟ ਤਿਆਰ ਕੀਤੀ ਤੇ ਸਫਲਤਾ ਹਾਸਲ ਪਰ ਆਮ ਤੌਰ ’ਤੇ ਲੋਕ ਨਿੱਜੀ ਜੀਵਨ ਵਿੱਚ ਕੋਈ ਵੀ ਕੰਮ ਠੋਸ ਯੋਜਨਾ ਤੋਂ ਬਗੈਰ ਸ਼ੁਰੂ ਕਰ ਦਿੰਦੇ ਹਨ ਅਤੇ ਅਸਫਲ ਹੋ ਜਾਂਦੇ ਹਨ। ਬਾਅਦ ਵਿੱਚ ਦੋਸ਼ ਕਿਸਮਤ ਅਤੇ ਰੱਬ ਸਿਰ ਮੜ੍ਹਦੇ ਹਨ। ਤੁਸੀਂ ਪ੍ਰਣ ਕਰ ਲਵੋ ਕਿ ਇਹ ਕੰਮ ਕਰਨਾ ਹੀ ਹੈ ਤਾਂ ਸਫਲਤਾ ਤੁਹਾਡੇ ਪੈਰਾਂ ਵਿੱਚ ਹੋਵੇਗੀ। ਵੱਡੇ ਤੋਂ ਵੱਡੇ ਮਿਸ਼ਨ ਵੀ ਅਭਿਆਸ ਸਦਕਾ ਹੀ ਸਿਰੇ ਚੜ੍ਹਦੇ ਹਨ। ਇਸ ਲਈ ਸਾਨੂੰ ਆਪਣੇ ਮਕਸਦ ਵਿੱਚ ਸਫਲ ਹੋਣ ਲਈ ਹਮੇਸ਼ਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ।
ਸਫਲਤਾ ਪ੍ਰਾਪਤ ਕਰਨ ਲਈ ਅਨੁਸ਼ਾਸਿਤ ਹੋਣਾ ਵੀ ਬੇਹੱਦ ਜ਼ਰੂਰੀ ਹੈ। ਅਨੁਸ਼ਾਸਨ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਅਨੁਸ਼ਾਸਨ ਸਭ ਤੋਂ ਵੱਡੀ ਪੂੰਜੀ ਹੈ। ਅਨੁਸਾਸ਼ਿਤ ਇਨਸਾਨ ਜ਼ਿੰਦਗੀ ਵਿੱਚ ਹਮੇਸ਼ਾ ਸਫਲ ਹੁੰਦੇ ਹਨ। ਅਨੁਸ਼ਾਸਨ ਨਾਲ ਜੀਵਨ ਨੂੰ ਨਵੀਂ ਦਿਸ਼ਾ ਮਿਲਦੀ ਹੈ। ਅਨੁਸ਼ਾਸਨ ਦਾ ਪਾਲਣ ਥੋੜ੍ਹਾ ਔਖਾ ਹੈ ਪਰ ਇਸਦੇ ਪਾਲਣ ਨਾਲ ਜ਼ਿੰਦਗੀ ਵਿੱਚ ਸਫਲਤਾ ਮਿਲਦੀ ਹੈ। ਅਨੁਸ਼ਾਸਨ ਦਾ ਮੁੱਢ ਸਕੂਲ ਸਿੱਖਿਆ ਤੋਂ ਬੱਝਦਾ ਹੈ। ਅਨੁਸ਼ਾਸਨ ਵਿੱਚ ਰਹਿ ਕੇ ਹੀ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਅਨੁਸ਼ਾਸਨ ਵਿੱਚ ਰਹਿ ਕੇ ਜੀਵਨ ਦੇ ਅਹਿਮ ਮੁਕਾਮ ’ਤੇ ਪਹੁੰਚਿਆ ਜਾ ਸਕਦਾ ਹੈ।
ਸਫਲਤਾ ਲਈ ਮਨੁੱਖ ਅੰਦਰ ਸਵੈ ਵਿਸ਼ਵਾਸ ਹੋਣਾ ਚਾਹੀਦਾ ਹੈ। ਸਵੈ ਵਿਸ਼ਵਾਸ ਨਾਲ ਮਨੁੱਖ ਦੇ ਦਿਲ ਵਿੱਚ ਸਾਹਸ ਪੈਦਾ ਹੁੰਦਾ ਹੈ। ਸੰਕਟ ਸਮੇਂ ਸਾਹਸ ਰੱਖਣਾ ਅੱਧੀ ਸਫਲਤਾ ਪ੍ਰਾਪਤ ਕਰ ਲੈਣ ਦੇ ਬਰਾਬਰ ਹੈ। ਸਖਤ ਮਿਹਨਤ ਦੇ ਬਾਵਜੂਦ ਜੇ ਤੁਹਾਡਾ ਆਪਣੇ ਆਪ ’ਤੇ ਵਿਸ਼ਵਾਸ ਨਹੀਂ ਤਾਂ ਮਿਥੇ ਗਏ ਟੀਚਿਆਂ ਨੂੰ ਪ੍ਰਾਪਤ ਕਰਨਾ ਅਸੰਭਵ ਹੋ ਜਾਵੇਗਾ। ਸਫਲਤਾ ਤੇ ਸਵੈ ਵਿਸ਼ਵਾਸ ਨਾਲੋ ਨਾਲ ਚਲਦੇ ਹਨ। ਜੋ ਮਨੁੱਖ ਆਤਮ ਵਿਸ਼ਵਾਸ ਨਾਲ ਜੀਵਨ ਦੇ ਰਸਤੇ ’ਤੇ ਅੱਗੇ ਵਧਦਾ ਹੈ, ਉਸ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਦੂਰ ਹੋ ਜਾਂਦੀ ਹੈ। ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਹਰ ਕਾਰਜ ਪ੍ਰਤੀ ਮਨੁੱਖ ਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਆਪਣੇ ਅੰਦਰਲੇ ਆਤਮ ਵਿਸ਼ਵਾਸ ਤੇ ਦ੍ਰਿੜ੍ਹ ਇਰਾਦੇ ਨਾਲ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਸਕਦਾ ਹੈ। ਨਵੀਆਂ ਮੰਜ਼ਿਲਾਂ ਹਮੇਸ਼ਾ ਆਤਮ ਵਿਸ਼ਵਾਸੀ ਵਿਅਕਤੀ ਦੀ ਉਡੀਕ ਕਰਦੀਆਂ ਹਨ।