Speech on punjabi maa boli
Answers
Answer:
ਮਾਤ-ਭਾਸ਼ਾ ਤੋਂ ਭਾਵ: ਮਾਤ-ਭਾਸ਼ਾ ਜਾਂ ਮਾਂ-ਬੋਲੀ ਦਾ ਅਰਥ ਹੈ ਉਹ ਬੋਲੀ ਜਿਹੜੀ ਵਿਰਸੇ ਵਿੱਚ ਹਰ ਇਕ ਨੂੰ ਆਪਣੀ ਮਾਂ ਕੋਲੋਂ ਮਿਲੀ ਹੁੰਦੀ ਹੈ । ਇਸ ਲਈ ਮਾਂ-ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸੰਬੰਧ ਬਣ ਜਾਂਦਾ ਹੈ। ਸਾਡੇ ਦੇਸ਼ ਅਤੇ ਸੰਸਾਰ ਵਿੱਚ ਵੱਖ-ਵੱਖ ਮਾਂ ਬੋਲੀਆਂ ਅਤੇ ਭਾਸ਼ਾਵਾਂ ਮੌਜੂਦ ਹਨ । ਭਾਸ਼ਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈ। ਖੇਤਰ ਵਿਸ਼ੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਦਾ ਅੰਦਾਜ਼ਾ ਉੱਥੋਂ ਦੀ ਭਾਸ਼ਾ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਮਾਤ-ਭਾਸ਼ਾ ਦੀ ਮਹੱਤਤਾ: ਮਾਤ-ਭਾਸ਼ਾ ਨੂੰ ਕੋਈ ਵੀ ਆਪਣੀ ਹੋਂਦ ਨਾਲੋਂ ਵੱਖ ਨਹੀਂ ਕਰ ਸਕਦਾ । ਸਿਰਫ ਮਾਤ-ਭਾਸ਼ਾ ਵਿੱਚ ਹੀ ਆਪਣੇ ਵਿਚਾਰਾਂ ਦਾ ਖੁੱਲਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ । ਮਾਤ-ਭਾਸ਼ਾ ਰਾਹੀਂ ਜੋ ਵੀ ਜਾਣਕਾਰੀ ਅਸੀਂ ਪ੍ਰਾਪਤ ਕਰਦੇ ਹਾਂ ਉਹ ਹਮੇਸ਼ਾਂ ਸਾਡੇ ਨਾਲ ਰਹਿੰਦੀ ਹੈ । ਮਾਤ-ਭਾਸ਼ਾ ਵਿੱਚ ਦਿਲ ਦੇ ਦੁੱਖ-ਸੁੱਖ ਚੰਗੀ ਤਰਾਂ ਫਰੋਲੇ ਜਾ ਸਕਦੇ ਹਨ । ਮਨੁੱਖ ਕਿੰਨੀਆਂ ਵੀ ਹੋਰ ਭਾਸ਼ਾਵਾਂ ਸਿੱਖ ਲਵੇ ਪਰ ਉਸ ਦੀ ਹੋਰ ਭਾਸ਼ਾਵਾਂ 'ਤੇ ਉਹ ਪਕੜ ਨਹੀਂ ਹੋਵੇਗੀ ਜੋ ਉਸ ਦੀ ਆਪਣੀ ਮਾਤ-ਭਾਸ਼ਾ 'ਤੇ ਹੁੰਦੀ ਹੈ । ਅਸਲ ਵਿੱਚ ਮਾਂ-ਬੋਲੀ ਦੇ ਸ਼ਬਦ, ਅਖਾਣ, ਮੁਹਾਵਰੇ , ਮੌਲਿਕਤਾ ਆਦਿ ਸਭ ਪੱਖ ਉਸ ਨੂੰ ਸਹਿਜ-ਸੁਭਾਅ ਹੀ ਆ ਜਾਂਦੇ ਹਨ ।
ਮਾਤ-ਭਾਸ਼ਾ ਪੰਜਾਬੀ : ਪੰਜਾਬੀ ਅਤੇ ਗੁਰਮੁਖੀ ਲਿਪੀ ਦਾ ਸਾਹਿਤਿਕ ਅਤੇ ਇਤਿਹਾਸਿਕ ਵਿਰਸਾ ਬਹੁਤ ਅਮੀਰ ਹੈ । ਇਹ ਦੁਨੀਆ ਦੇ 150 ਮੁਲਕਾਂ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਬੋਲੀ ਜਾਂਦੀ ਹੈ । 14 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ । ਇਨ੍ਹਾਂ ਵਿੱਚੋਂ ਇੱਕ ਵੱਡੀ ਗਿਣਤੀ ਪਾਕਿਸਤਾਨ ਵਿੱਚ ਵੀ ਹੈ । ਪੰਜਾਬ ਦੀ ਮੂਲ ਭਾਸ਼ਾ ਪੰਜਾਬੀ ਹੈ ।
ਮਾਤ-ਭਾਸ਼ਾ ਤਰੱਕੀ ਲਈ ਜ਼ਰੂਰੀ: ਮਾਤ-ਭਾਸ਼ਾ ਦੇ ਵਿਕਾਸ ਨਾਲ ਹੀ ਦੇਸ਼ ਅਤੇ ਸੰਸਾਰ ਦਾ ਵਿਕਾਸ ਹੋ ਸਕਦਾ ਹੈ । ਮਾਤ-ਭਾਸ਼ਾ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਮਲ ਕਰਕੇ ਕੌਮ ਦਾ ਵਿਕਾਸ ਕੀਤਾ ਜਾ ਸਕਦਾ ਹੈ । ਮਾਤ-ਭਾਸ਼ਾ ਹਰ ਵਿਅਕਤੀ ਜਲਦੀ ਅਤੇ ਅਸਾਨੀ ਨਾਲ ਸਮਝ ਜਾਂਦਾ ਹੈ । ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਅ ਵੀ ਮਾਂ-ਬੋਲੀ ਵਿੱਚ ਹੀ ਕੀਤਾ ਹੈ । ਮਾਤ-ਭਾਸ਼ਾ ਅਪਣੱਤ ਪੈਦਾ ਕਰਦੀ ਹੈ ਅਤੇ ਦੂਰ-ਦੁਰਾਡੇ ਬੈਠੇ ਲੋਕਾਂ ਨਾਲ ਵੀ ਸਾਂਝ ਪੈਦਾ ਕਰਦੀ ਹੈ । ਜਦੋਂ ਆਪਸੀ ਸਹਿਨਸ਼ੀਲਤਾ ਅਤੇ ਪਿਆਰ ਤੇ ਭਾਈਚਾਰਾ ਵਧੇਗਾ ਤਾਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ ।
ਮਾਤ-ਭਾਸ਼ਾ ਨੂੰ ਜੀਵਤ ਰੱਖਣ ਦੀ ਲੋੜ : ਹੋਰ ਭਾਸ਼ਾਵਾਂ ਦੀ ਜਾਣਕਾਰੀ ਹੋਣਾ ਨੁਕਸਾਨਦਾਇਕ ਨਹੀਂ ਬਲਕਿ ਮਨੁੱਖ ਜਿੰਨੀਆਂ ਹੋਰ ਭਾਸ਼ਾਵਾਂ ਸਿੱਖਦਾ ਹੈ ਗਿਆਨ ਦੇ ਉੱਨੇ ਹੋਰ ਦਰਵਾਜ਼ੇ ਉਸ ਲਈ ਖੁੱਲ ਜਾਂਦੇ ਹਨ । ਪਰ ਹੋਰਾਂ ਭਾਸ਼ਾਵਾਂ ਦੇ ਪ੍ਰਭਾਵ ਵਿੱਚ ਆਪਣੀ ਮਾਤ-ਭਾਸ਼ਾ ਦੇ ਮਹੱਤਵ ਨੂੰ ਭੁੱਲ ਜਾਣਾ ਜਾਂ ਉਸ ਦਾ ਨਿਰਾਦਰ ਕਰਨਾ ਜਾਂ ਉਸ ਨੂੰ ਨੀਵਾਂ ਸਮਝਣਾ ਬਹੁਤ ਹੀ ਸ਼ਰਮਨਾਕ ਹੈ। ਅੱਜ ਦੇ ਸਮੇਂ ਵਿੱਚ ਸਾਡੇ ਮਨਾਂ ਅੰਦਰ ਅੰਗਰੇਜ਼ੀ ਬਾਰੇ, ਇਸ ਦੀ ਉਚਤਾ ਬਾਰੇ ਇੱਕ ਧਾਰਨਾ ਬਣਾ ਦਿੱਤੀ ਗਈ ਹੈ ਕਿ ਅੰਗਰੇਜ਼ੀ ਦਾ ਮੰਡੀ ਮੁੱਲ ਪੰਜਾਬੀ ਤੋਂ ਕਿਤੇ ਵਧੇਰੇ ਹੈ। ਪੰਜਾਬੀ ਉੱਤੇ ਹੋ ਰਹੇ ਇਸ ਤਰ੍ਹਾਂ ਦੇ ਹਮਲੇ ਤੋਂ ਸਾਨੂੰ ਬਚਣ ਦੀ ਲੋੜ ਹੈ ਅਤੇ ਪੰਜਾਬੀ ਨੂੰ ਕਿਸੇ ਵੀ ਤਰ੍ਹਾਂ ਜੀਵਤ ਰੱਖਣ ਦੀ ਲੋੜ ਹੈ।
ਸਾਰਾਂਸ਼ : ਮਾਤ-ਭਾਸ਼ਾ ਦੀ ਆਨ ਅਤੇ ਸ਼ਾਨ ਵੱਖਰੀ ਹੀ ਹੁੰਦੀ ਹੈ । ਮਾਤ-ਭਾਸ਼ਾ ਮਨ ਨੂੰ ਸ਼ਾਤੀ ਪ੍ਰਦਾਨ ਕਰਦੀ ਹੈ ਅਤੇ ਆਤਮਿਕ ਅਨੰਦ ਦਿੰਦੀ ਹੈ । ਇਸ ਲਈ ਮਾਤ-ਭਾਸ਼ਾ ਸਾਡੇ ਲਈ ਅਤਿ ਜ਼ਰੂਰੀ ਹੈ । ਸਾਡੀ ਸਿੱਖਿਆ ਦਾ ਮਾਧਿਅਮ ਵੀ ਮਾਤ-ਭਾਸ਼ਾ ਹੀ ਹੋਣਾ ਚਾਹੀਦਾ ਹੈ। ਹੋਰ ਭਾਸ਼ਾਵਾਂ ਦਾ ਗਿਆਨ ਇਸ ਲਈ ਲਾਹੇਵੰਦ ਹੈ ਕਿਉਂਕਿ ਇਸ ਨਾਲ ਵਿਸ਼ਾਲਤਾ ਆਉਂਦੀ ਹੈ ਪਰ ਉਸ ਤੋਂ ਵੱਧ ਵਧੇਰੇ ਲੋੜ ਇਸ ਜਾਗਰੂਕਤਾ ਦੀ ਹੈ ਕਿ ਅਸੀਂ ਆਪਣੀ ਮਾਤ-ਭਾਸ਼ਾ ਦੇ ਮਹੱਤਵ ਨੂੰ ਪਛਾਣੀਏ ।
hope it helps you