ਸਰੀਰ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ
Answers
ਸੰਜੀਵ ਕੁਮਾਰ ਸ਼ਰਮਾ
ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਤੋਂ ਭਾਵ ਕੁਦਰਤ ਦੁਆਰਾ ਪ੍ਰਦਾਨ ਉਸ ਅੰਦਰੂਨੀ ਤਾਕਤ ਤੋਂ ਹੈ, ਜਿਹੜੀ ਜੀਵਾਂ ਨੂੰ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਕਰਦੀ ਹੈ। ਇਮਿਊਨਿਟੀ ਦੇ ਬਿਹਤਰ ਹੋਣ ਨਾਲ ਵਿਅਕਤੀ ਨਾ ਕੇਵਲ ਸਿਹਤਮੰਦ ਰਹੇਗਾ, ਸਗੋਂ ਮਾਨਸਿਕ ਅਤੇ ਸਰੀਰਿਕ ਪੱਖੋਂ ਵੀ ਮਜ਼ਬੂਤ ਹੋਵੇਗਾ। ਕਮਜ਼ੋਰ ਇਮਿਊਨਿਟੀ ਦਾ ਅਸਰ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਉੱਤੇ ਵੀ ਪੈਂਦਾ ਹੈ। ਸਾਡੇ ਸਰੀਰ ਦਾ ਰੋਗ-ਪ੍ਰਤੀਰੋਧਕ ਤੰਤਰ ਵਿਸ਼ੇਸ਼ ਅੰਗਾਂ, ਸੈੱਲਾਂ ਅਤੇ ਰਸਾਇਣਾਂ ਨਾਲ ਮਿਲ ਕੇ ਬਣਿਆ ਹੈ। ਇਸ ਵਿੱਚ ਸਫੇਦ ਲਹੂ ਕਣ, ਤਿੱਲੀ, ਟੌਂਸਿਲ, ਲਿੰਫ ਨੋਡ, ਆਦਿ ਸ਼ਾਮਿਲ ਹਨ, ਜਿਹੜੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਰਹਿ ਕੇ ਇਸ ਦੀ ਸੁਰੱਖਿਆ ਕਰਦੇ ਹਨ ਪਰ ਇਸ ਤੰਤਰ ਵਿੱਚ ਵਿਗਾੜ ਪੈ ਜਾਣ ’ਤੇ ਇਹ ਸਰੀਰ ਦੀ ਸੁਰੱਖਿਆ ਕਰਨੀ ਬੰਦ ਕਰ ਦਿੰਦਾ ਹੈ, ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਿਅਕਤੀ ਰੋਗੀ ਬਣ ਜਾਂਦਾ ਹੈ। ਬਾਜ਼ਾਰਾਂ ਦੇ ਬਾਜ਼ਾਰ ਅੱਜ ਇਮਿਊਨਿਟੀ ਬੂਸਟਰ (ਰੋਗ-ਪ੍ਰਤਿਰੋਧਕ ਸ਼ਕਤੀ ਵਧਾਉਣ ਵਾਲੇ) ਉਤਪਾਦਾਂ ਨਾਲ ਭਰੇ ਪਏ ਹਨ। ਇਮਿਊਨਿਟੀ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਰਾਤੋਂ ਰਾਤ ਕੁਝ ਖਾ ਕੇ ਵੱਧ ਸਕਦੀ ਹੈ, ਬਲਕਿ ਮੁੱਖ ਤੌਰ ’ਤੇ ਇਹ ਸਾਡੀ ਜੀਵਨ-ਸ਼ੈਲੀ ’ਤੇ ਨਿਰਭਰ ਕਰਦੀ ਹੈ। ਹੇਠ ਲਿਖੀਆਂ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹਾਂ:
ਕੀ ਖਾਈਏ/ਨਾ ਖਾਈਏ: ਮਨੁੱਖੀ ਸਰੀਰ ਵਿੱਚ ਤਕਰੀਬਨ 80 ਫ਼ੀਸਦ ਐਲਕੇਲਾਇਨ/ਖਾਰੇ ਅਤੇ 20 ਫ਼ੀਸਦ ਅਮਲੀ/ਤੇਜ਼ਾਬੀ ਤੱਤ ਹੁੰਦੇ ਹਨ। ਸਾਡੀਆਂ ਸਰੀਰਿਕ ਅਤੇ ਮਾਨਸਿਕ ਗਤੀਵਿਧੀਆਂ ਇਸੇ ਅਨੁਪਾਤ ’ਤੇ ਨਿਰਭਰ ਹਨ ਅਤੇ ਤੰਦਰੁਸਤ ਰਹਿਣ ਲਈ ਇਨ੍ਹਾਂ ਵਿੱਚ ਸੰਤੁਲਨ ਲਾਜ਼ਮੀ ਹੈ। ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਦੌਰਾਨ ਸਰੀਰ ਵਿੱਚ ਅਮਲੀ ਤੱਤ ਪੈਦਾ ਹੁੰਦੇ ਹਨ ਪਰ ਖਾਰੇ ਤੱਤਾਂ ਦੀ ਪੂਰਤੀ ਬਾਹਰੋਂ, ਭਾਵ ਭੋਜਨ ਰਾਹੀਂ ਕਰਨੀ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਭੋਜਨ ਵਿੱਚ 80 ਫ਼ੀਸਦ ਜਾਂ ਵੱਧ ਐਲਕੇਲਾਇਨ ਖਾਧ-ਪਦਾਰਥ ਹੋਣ। ਜਦਕਿ ਅਸਲੀਅਤ ਵਿੱਚ ਅਮਲੀ ਖਾਧ-ਪਦਾਰਥਾਂ ਦੀ ਵਰਤੋਂ ਅਸੀਂ ਕਿਤੇ ਵੱਧ ਕਰ ਰਹੇ ਹਾਂ, ਜਿਸ ਨਾਲ ਸਰੀਰ ਵਿੱਚ ਅਮਲਤਾ ਵਧ ਰਹੀ ਹੈ ਅਤੇ ਅਸੀਂ ਬਿਮਾਰ ਪੈ ਰਹੇ ਹਾਂ। ਫਲ, ਸਬਜ਼ੀਆਂ, ਜੜੀ-ਬੂਟੀਆਂ, ਸ਼ਹਿਦ, ਗੁੜ, ਸ਼ੱਕਰ, ਕੱਚਾ ਦੁੱਧ ਆਦਿ ਐਲਕੇਲਾਇਨ; ਜਦਕਿ ਜ਼ਿਆਦਾਤਰ ਅਨਾਜ, ਮੀਟ, ਉਬਲਿਆ ਦੁੱਧ ਅਤੇ ਉਸ ਨਾਲ ਬਣੇ ਪਦਾਰਥ, ਅੰਡੇ, ਦਾਲਾਂ, ਚੀਨੀ, ਡੱਬਾ-ਬੰਦ ਭੋਜਨ, ਅਮਲੀ ਖਾਧ ਪਦਾਰਥਾਂ ਵਿੱਚ ਆਉਂਦੇ ਹਨ।
ਕਿਹੋ ਜਿਹਾ ਖਾਈਏ: ਭੋਜਨ ਨੂੰ ਪਚਾਉਣ ਲਈ ਪਾਚਕ ਰਸਾਂ ਦਾ ਹੋਣਾ ਲਾਜ਼ਮੀ ਹੈ। ਪਕਾਉਣ ਨਾਲ ਉਸ ਵਿਚਲੇ ਪੋਸ਼ਕ ਤੱਤ ਅਤੇ ਪਾਚਕ ਰਸ ਨਸ਼ਟ ਹੋ ਜਾਂਦੇ ਹਨ, ਜਿਸ ਕਰ ਕੇ ਉਸ ਨੂੰ ਪਚਾਉਣ ਲਈ ਸਰੀਰ ਦੇ ਅੰਗਾਂ ਜਿਵੇਂ ਜਿਗਰ, ਪਾਚਕ ਗ੍ਰੰਥੀ (ਪੈਨਕ੍ਰਿਆਜ਼), ਪੇਟ ਅਤੇ ਅੰਤੜੀਆਂ ਨੂੰ ਵਧ ਕੰਮ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਅਣ-ਪਕਿਆ ਭੋਜਨ ਕਰਨਾ ਚਾਹੀਦਾ ਹੈ। ਜੇਕਰ ਭੋਜਨ ਪਕਾਉਣਾ ਵੀ ਪਵੇ ਤਾਂ ਕੇਵਲ ਲੋੜ ਅਨੁਸਾਰ ਨਰਮ ਕੀਤਾ ਜਾਵੇ। ਅਣ-ਪੱਕੇ ਰੂਪ ਵਿੱਚ ਬੀਜਾਂ, ਦਾਲਾਂ ਅਤੇ ਅਨਾਜ ਨੂੰ ਅੰਕੁਰਿਤ ਕਰਕੇ, ਫਲਾਂ ਅਤੇ ਸਬਜ਼ੀਆਂ ਨੂੰ ਜੂਸ, ਸਲਾਦ, ਚਟਨੀ ਦੇ ਰੂਪ ਵਿੱਚ, ਦੁੱਧ, ਦਹੀਂ ਅਤੇ ਸੁੱਕੇ ਮੇਵਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅਜਿਹਾ ਭੋਜਨ ਨਾ ਕੇਵਲ ਜਲਦੀ ਪਚੇਗਾ, ਬਲਕਿ ਇਮਿਊਨਿਟੀ ਵੀ ਵਧਾਏਗਾ। ਮੈਦੇ, ਚੀਨੀ, ਸਾਧਾਰਨ ਨਮਕ, ਰਿਫਾਇੰਡ ਤੇਲ ਵਰਗੇ ਜ਼ਹਿਰਾਂ ਦੀ ਵਰਤੋਂ ਬੰਦ ਕਰ ਕੇ, ਆਟਾ (ਚੋਕਰ/ਛਾਣ ਸਮੇਤ), ਦੇਸੀ ਖੰਡ/ਗੁੜ/ਸ਼ੱਕਰ, ਸੇਂਧਾ/ਕਾਲਾ ਨਮਕ ਅਤੇ ਸਰ੍ਹੋਂ/ ਨਾਰੀਅਲ/ਤਿਲ/ਜੈਤੂਨ ਦਾ ਤੇਲ ਜਾਂ ਦੇਸੀ ਘਿਓ ਦੀ ਵਰਤੋਂ ਕਰੀਏ।
ਕਿੰਨਾ ਖਾਈਏ: ਤੰਦਰੁਸਤ ਰਹਿਣ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤਾ ਖਾਈਏ, ਬਲਕਿ ਜਿੰਨਾ ਖਾਈਏ, ਉਹ ਸਹੀ ਤਰੀਕੇ ਨਾਲ ਪਚ ਕੇ ਸਰੀਰ-ਨਿਰਮਾਣ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਵਿਚ ਸਹਾਈ ਹੋਵੇ ਅਤੇ ਬਚਿਆ-ਖੁਚਿਆ ਪਦਾਰਥ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਸਰੀਰ ਵਿਚੋਂ ਨਿਕਲ ਜਾਵੇ। ਘੱਟ ਖਾਣ ਨਾਲ ਭਾਵੇਂ ਸਾਨੂੰ ਕੋਈ ਦਿੱਕਤ ਨਾ ਆਵੇ ਪਰ ਵੱਧ ਜਾਂ ਬਿਨਾਂ ਭੁੱਖ ਤੋਂ ਖਾਣ ਨਾਲ ਸਮੱਸਿਆ ਹੋਣੀ ਲਾਜ਼ਮੀ ਹੈ। ਆਯੁਰਵੇਦ ਅਨੁਸਾਰ ਪੇਟ ਦਾ ਕੇਵਲ ਅੱਧਾ ਭਾਗ ਆਹਾਰ, ਇੱਕ ਚੌਥਾਈ ਕੁਝ ਚਿਰ ਬਾਅਦ ਪਾਣੀ ਅਤੇ ਬਾਕੀ ਇੱਕ ਚੌਥਾਈ ਹਵਾ ਦੇ ਲਈ ਛਡਣਾ ਚਾਹੀਦਾ ਹੈ। ਚਰਕ ਰਿਸ਼ੀ ਦੇ ਕਥਨ ਅਨੁਸਾਰ ਉਹੀ ਵਿਅਕਤੀ ਰੋਗਾਂ ਤੋਂ ਦੂਰ ਰਹਿ ਸਕਦਾ ਹੈ, ਜਿਹੜਾ ਹਿਤ ਭੁਕ, ਰਿਤ ਭੁਕ, ਮਿਤ ਭੁਕ ਸਿਧਾਂਤ ਅਨੁਸਾਰ, ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕਰੇ।
ਕਦੋਂ ਖਾਈਏ: ਖਾਣਾ ਉਦੋਂ ਖਾਧਾ ਜਾਵੇ, ਜਦੋਂ ਪਹਿਲਾਂ ਤੋਂ ਖਾਧਾ ਹੋਇਆ ਖਾਣਾ ਪਚ ਚੁਕਾ ਹੋਵੇ ਅਤੇ ਭੁੱਖ ਲੱਗੀ ਹੋਵੇ। ਬਿਨਾ ਭੁੱਖ ਤੋਂ ਖਾਣਾ ਵੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਗੈਸ, ਕਬਜ਼, ਬਦਹਜ਼ਮੀ, ਛਾਤੀ ਵਿੱਚ ਜਲਨ, ਆਦਿ ਅਨੇਕਾਂ ਰੋਗ ਜਨਮ ਲੈਂਦੇ ਹਨ। ਦੇਰ ਸ਼ਾਮ ਨੂੰ ਜਾਂ ਰਾਤ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਸ਼ਾਮ ਦਾ ਖਾਣਾ ਸੌਣ ਤੋਂ ਕਾਫੀ ਪਹਿਲਾਂ ਕਰ ਲੈਣਾ ਚਾਹੀਦਾ ਹੈ। ਨੇਚਰੋਪੈਥੀ ਅਨੁਸਾਰ ਇਹ ਖਾਣਾ ਬਹੁਤ ਹਲਕਾ ਹੋਣਾ ਚਾਹੀਦਾ ਹੈ ਜਿਸ ਵਿੱਚ ਮੁੱਖ ਤੌਰ ’ਤੇ ਸਬਜ਼ੀਆਂ ਜਾਂ ਸੂਪ ਹੋ ਸਕਦੇ ਹਨ।